ਮੋਮੋਤਾਰੋ

ਜਾਂ

ਛੋਟਾ ਆੜੂ

 

 

ਬਹੁਤ ਬਹੁਤ ਸਮਾਂ ਪਹਿਲਾਂ ਇੱਕ ਬੁੱਢਾ ਆਦਮੀ ਤੇ ਇੱਕ ਬੁੱਢੀ ਔਰਤ ਪਿੰਡ ਵਿੱਚ ਰਹਿੰਦੇ ਸੀ। ਇੱਕ ਦਿਨ ਬੁੱਢਾ ਆਦਮੀ ਘਾਹ ਲੈਣ ਲਈ ਪਹਾੜ ਤੇ ਗਿਆ ਤੇ ਬੁੱਢੀ ਔਰਤ ਕੱਪੜੇ ਧੋਣ ਲਈ ਨਦੀ ਤੇ ਚਲੀ ਗਈ। ਜਦੋਂ ਉਹ ਕੱਪੜੇ ਧੋ ਰਹੀ ਸੀ ਤਾਂ ਉਸਨੂੰ ਇੱਕ ਵੱਡੀ ਸਾਰੀ ਚੀਜ਼ ਨਦੀ ਵਿੱਚ ਛੱਲਾਂ ਉਠਾਉਂਦੀ ਤੇ ਰੁੜ੍ਹਦੀ ਆਉਂਦੀ ਦਿਸੀ। ਬੁੱਢੀ ਇਸ ਨੂੰ ਵੇਖ ਕੇ ਬਹੁਤ ਖੁਸ਼ ਹੋਈ। ਕੋਲ ਪਈ ਇੱਕ ਬਾਂਸ ਦੀ ਸੋਟੀ ਨਾਲ ਉਸਨੇ ਇਸ ਚੀਜ਼ ਨੂੰ ਆਪਣੇ ਵੱਲ ਖਿੱਚ ਲਿਆ।

ਜਦੋਂ ਉਸਨੇ ਇਸਨੂੰ ਚੁੱਕ ਕੇ ਵੇਖਿਆ ਤਾਂ ਇਹ ਬਹੁਤ ਵੱਡਾ ਸਾਰਾ ਆੜੂ ਸੀ। ਆਪਣੇ ਬੁੱਢੇ ਨੂੰ ਖਾਣ ਨੂੰ ਦੇਣ ਦੇ ਇਰਾਦੇ ਨਾਲ ਉਸਨੇ ਆਪਣਾ ਕੱਪੜੇ ਧੋਣ ਦਾ ਕੰਮ ਕਾਹਲੀ ਨਾਲ ਨਿਬੇੜ ਲਿਆ। ਤੇ ਘਰ ਚਲੀ ਗਈ।

ਘਰ ਪਹੁੰਚ ਕੇ ਜਦੋਂ ਉਸਨੇ ਆੜੂ ਨੂੰ ਕੱਟ ਕੇ ਦੋ ਹਿੱਸੇ ਕਰੇ ਤਾਂ ਇਸ ਦੀ ਵੱਡੀ ਸਾਰੀ ਗਿਰੀ ਵਿੱਚੋਂ ਇੱਕ ਬੱਚਾ ਨਿੱਕਲ ਕੇ ਬਾਹਰ ਆਇਆ। ਦੋਵੇਂ ਪਤੀ ਪਤਨੀ ਇਸ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਉਨ੍ਹਾਂ ਦੇ ਆਪਣਾ ਕੋਈ ਬੱਚਾ ਨਹੀਂ ਸੀ। ਉਹਨਾਂ ਨੇ ਇਸ ਦਾ ਨਾਂ ਮੋਮੋਤਾਰੋ ਜਾਂ ਛੋਟਾ ਆੜੂ ਰੱਖਿਆ ਕਿਉਂਕਿ ਇਹ ਆੜੂ ਵਿੱਚੋਂ ਨਿਕਲਿਆ ਸੀ। ਉਹਨਾਂ ਨੇ ਉਸਦਾ ਪਾਲਣ ਪੋਸ਼ਣ ਬਹੁਤ ਵਧੀਆ ਢੰਗ ਨਾਲ ਕੀਤਾ। ਉਹ ਉਸਦਾ ਬਹੁਤ ਧਿਆਨ ਰੱਖਦੇ ਸੀ। ਇਸ ਲਈ ਉਹ ਵੱਡਾ ਹੋ ਕੇ ਤਕੜਾ ਤੇ ਉੱਦਮੀ ਨੌਜਵਾਨ ਬਣਿਆ। ਹੁਣ ਉਸ ਦੰਪਤੀ ਦੀਆਂ ਆਸਾਂ ਛੋਟੇ ਆੜੂ ਤੋਂ ਹੋਰ ਵੀ ਵਧ ਗਈਆਂ। ਉਹ ਉਸਦੇ ਖਾਣ ਪੀਣ ਤੇ ਪੜ੍ਹਾਈ ਤੇ ਹੋਰ ਵੀ ਵੱਧ ਧਿਆਨ ਦੇਣ ਲੱਗ ਪਏ।

 

ਛੋਟੇ ਆੜੂ ਨੂੰ ਆਪਣੀ ਤਾਕਤ ਤੇ ਹੁਨਰ ਤੇ ਮਾਣ ਸੀ। ਉਸਨੂੰ ਲੱਗਦਾ ਸੀ ਕਿ ਹੋਰ ਕੋਈ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਉਸ ਨੇ ਸ਼ੈਤਾਨਾਂ ਦੇ ਟਾਪੂ ਤੇ ਜਾ ਕੇ ਉਨ੍ਹਾਂ ਦਾ ਖਜ਼ਾਨਾ ਖੋਹ ਕੇ ਲਿਆਉਣ ਦੀ ਸਲਾਹ ਬਣਾਈ। ਉਸਨੇ ਇਸ ਕੰਮ ਸਬੰਧੀ ਬੁੱਢੇ ਅਤੇ ਬੁੱਢੀ ਨਾਲ ਵੀ ਸਲਾਹ ਕਰੀ। ਬੁੱਢੇ ਦੰਪਤੀ ਨੇ ਉਸ ਨਾਲ ਸਹਿਮਤੀ ਪ੍ਰਗਟ ਕੀਤੀ। ਸੋ ਉਸਨੇ ਸ਼ੈਤਾਨਾਂ ਦੇ ਟਾਪੂ ਦੇ ਸਫ਼ਰ ਲਈ ਲੋੜੀਂਦੀ ਸਾਰੀ ਤਿਆਰੀ ਕਰ ਲਈ। ਉਸ ਬੁੱਢੀ ਔਰਤ ਨੇ ਉਸਨੂੰ ਰਸਤੇ ਵਿੱਚ ਖਾਣ ਲਈ ਕੁਝ ਪੂੜੇ ਤੇ ਬਿਸਕੁਟ ਬਣਾਕੇ ਦਿੱਤੇ। ਉਸਨੇ ਖਾਣ ਦਾ ਸਮਾਨ ਥੈਲੇ ਵਿੱਚ ਪਾ ਲਿਆ ਅਤੇ ਲੋੜੀਂਦਾ ਸਮਾਨ ਲੈ ਕੇ ਟਾਪੂ ਵੱਲ ਚੱਲ ਪਿਆ।

 

ਜਦੋਂ ਉਹ ਜਾ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਉਸਨੂੰ ਇੱਕ ਕੁੱਤਾ ਮਿਲਿਆ। ਕੁੱਤਾ ਪੁੱਛਣ ਲੱਗਾ, “ਮੋਮੋਤਾਰੋ ਤੇਰੇ ਇਸ ਥੈਲੇ ਵਿੱਚ ਕੀ ਹੈ?” ਉਸਨੇ ਉੱਤਰ ਦਿਤਾ ਕਿ ਮੇਰੇ ਕੋਲ ਸਭ ਤੋਂ ਵਧੀਆ ਜਪਾਨੀ ਬਾਜ਼ਰੇ ਦੇ ਬਣੇ ਹੋਏ ਪੂੜੇ ਅਤੇ ਬਿਸਕੁਟ ਹਨ। ਕੁੱਤੇ ਨੇ ਕਿਹਾ,“ਇੱਕ ਪੂੜਾ ਤੇ ਇੱਕ ਬਿਸਕੁਟ ਮੈਨੂੰ ਦੇ ਦੇ, ਮੈਂ ਤੇਰੇ ਨਾਲ ਚੱਲਾਂਗਾ।” ਸੋ ਮੋਮੋਤਾਰੋ ਨੇ ਆਪਣੇ ਥੈਲੇ ਵਿੱਚੋਂ ਇੱਕ ਪੂੜਾ ਤੇ ਇੱਕ ਬਿਸਕੁਟ ਉਸਨੂੰ ਦੇ ਦਿੱਤਾ। ਫਿਰ ਇੱਕ ਬਾਂਦਰ ਨੇ ਉਸ ਤੋਂ ਇੱਕ ਪੂੜਾ ਤੇ ਇੱਕ ਬਿਸਕੁਟ ਲੈ ਲਿਆ ਅਤੇ ਉਹ ਵੀ ਉਸ ਨਾਲ ਚੱਲ ਪਿਆ। ਉਹ ਤਿੰਨੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਉਨਾਂ ਨੂੰ ਉਡਦਾ ਹੋਇਆ ਤਿੱਤਰ ਮਿਲਿਆ। ਤਿੱਤਰ ਨੇ ਵੀ ਇੱਕ ਪੂੜਾ ਤੇ ਬਿਸਕੁਟ ਉਸ ਤੋਂ ਮੰਗਿਆ ਤੇ ਲੈਣ ਪਿੱਛੋਂ ਉਹ ਵੀ ਉਨ੍ਹਾਂ ਨਾਲ ਤੁਰ ਪਿਆ। ਇਸ ਤਰ੍ਹਾਂ ਉਹ ਤਿੰਨੋ ਮੋਮੋਤਾਰੋ ਨਾਲ ਚੱਲ ਪਏ। ਉਹ ਬਹੁਤ ਛੇਤੀ ਸ਼ੈਤਾਨਾਂ ਦੇ ਟਾਪੂ ਤੇ ਪਹੁੰਚ ਗਏ। ਉਨ੍ਹਾਂ ਨੇ ਸਭ ਤੋਂ ਪਹਿਲਾ ਅਗਲਾ ਦਰਵਾਜ਼ਾ ਤੋੜ ਦਿੱਤਾ। ਉਨ੍ਹਾਂ ਵਿੱਚ ਮੋਮੋਤਾਰੋ ਸਭ ਤੋਂ ਅੱਗੇ ਸੀ ਤੇ ਉਸਦੇ ਤਿੰਨੇ ਸਾਥੀ ਉਸਦੇ ਪਿੱਛੇ ਸੀ। ਅੱਗੇ ਬਹੁਤ ਸਾਰੇ ਸ਼ੈਤਾਨਾਂ ਦੇ ਪਹਿਰੇਦਾਰ ਸੀ ਜਿੰਨਾਂ ਨਾਲ ਉਹਨਾਂ ਦੀ ਲੜਾਈ ਹੋਈ। ਉਨ੍ਹਾਂ ਨੂੰ ਹਰਾਕੇ ਉਹ ਹੋਰ ਅੰਦਰ ਚਲੇ ਗਏ। ਅੱਗੇ ਜਾ ਕੇ ਉਹਨਾਂ ਦਾ ਮੁਕਾਬਲਾ ਸ਼ੈਤਾਨਾਂ ਦੇ ਮੁਖੀ ਅਕਾਂਦੋਜੀ ਨਾਲ ਹੋਇਆ। ਅਕਾਂਦੋਜੀ ਨੇ ਲੋਹੇ ਦੀ ਰਾਡ ਨਾਲ ਮੋਮੋਤਾਰੋ ਤੇ ਵਾਰ ਕਰਿਆ। ਮੋਮੋਤਾਰੋ ਅੱਗੋਂ ਤਿਆਰ ਖੜ੍ਹਾ ਸੀ। ਬੜੀ ਨਿਪੁੰਨਤਾ ਨਾਲ ਉਹ ਇਸ ਵਾਰ ਤੋਂ ਬਚ ਗਿਆ। ਦੋਵੇਂ ਇੱਕ ਦੂਜੇ ਨਾਲ ਪੂਰੀ ਤਾਕਤ ਨਾਲ ਲੜ ਰਹੇ ਸਨ। ਪਰ ਅੰਤ ਵਿੱਚ ਮੋਮੋਤਾਰੋ ਨੇ ਅਕਾਂਦੋਜੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਤੇ ਰੱਸੇ ਨਾਲ ਇੰਨਾਂ ਕਸਕੇ ਬੰਨ੍ਹ ਦਿੱਤਾ ਕਿ ਉਹ ਹਿੱਲ ਵੀ ਨਾ ਸਕੇ। ਇਹ ਸਾਰੀ ਲੜ੍ਹਾਈ ਯੁੱਧ ਦੇ ਨਿਯਮਾਂ ਅਨੁਸਾਰ ਹੀ ਲੜੀ ਗਈ।

 

 

ਅੰਤ ਵਿੱਚ ਅਕਾਂਦੋਜੀ ਨੇ ਹਾਰ ਮੰਨ ਲਈ ਤੇ ਆਪਣਾ ਸਾਰਾ ਖਜ਼ਾਨਾ ਮੋਮੋਤਾਰੋ ਨੂੰ ਸਮਰਪਿਤ ਕਰ ਦਿੱਤਾ। ਮੋਮੋਤਾਰੋ ਨੇ ਸਾਰਾ ਖਜ਼ਾਨਾ ਇਕੱਠਾ ਕੀਤਾ ਤੇ ਇਸ ਵਿੱਚੋਂ ਕੀਮਤੀ ਵਸਤਾਂ ਅਲੱਗ ਕਰ ਲਈਆਂ। ਇਹ ਖਜ਼ਾਨਾ ਲੈ ਕੇ ਉਹ ਆਪਣੇ ਤਿੰਨੇ ਸਾਥੀਆਂ ਸਮੇਤ ਖੁਸ਼ੀ ਖੁਸ਼ੀ ਘਰ ਵੱਲ ਚੱਲ ਪਿਆ। ਉਸਨੇ ਆਪਣੀ ਸਾਰੀ ਸਫ਼ਲਤਾ ਦਾ ਸਿਹਰਾ ਆਪਣੇ ਸਾਥੀਆਂ ਸਿਰ ਬੰਨ੍ਹਿਆ ਅਤੇ ਕਿਹਾ ਕਿ ਇਨ੍ਹਾਂ ਦੀ ਸਹਾਇਤਾ ਨਾਲ ਹੀ ਇਹ ਔਖੀ ਮੁਹਿੰਮ ਮੈਂ ਇੰਨੀ ਸੌਖੀ ਤਰ੍ਹਾਂ ਫਤਿਹ ਕਰ ਸਕਿਆ।

 

ਜਦੋਂ ਮੋਮੋਤਾਰੋ ਘਰ ਆਇਆ ਤਾਂ ਬੁੱਢਾ ਆਦਮੀ ਤੇ ਔਰਤ ਬਹੁਤ ਖੁਸ਼ ਹੋਏ। ਉਸਨੇ ਸਾਰਿਆਂ ਨੂੰ ਵੱਡੀ ਪਾਰਟੀ ਕੀਤੀ। ਉਨ੍ਹਾਂ ਨੂੰ ਆਪਣੇ ਸਾਹਸ ਭਰੇ ਕਾਰਨਾਮਿਆਂ ਦੀਆਂ ਕਹਾਣੀਆਂ ਸੁਣਾਈਆਂ। ਆਪਣਾ ਖਜ਼ਾਨਾ ਵਿਖਾਇਆ। ਅੰਤ ਵਿੱਚ ਉਹ ਇੱਕ ਅਮੀਰ, ਇੱਜ਼ਤਦਾਰ ਤੇ ਅਸਰ ਰਸੂਖ ਵਾਲ ਆਦਮੀ ਬਣ ਗਿਆ। ਉਸਨੂੰ ਅਸਲ ਵਿੱਚ ਹੀ ਚਾਰੇ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਸਨ।